Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਇਕੱਠ ਪੱਖੋਂ ਫਿੱਕਾ ਰਿਹਾ ਅੰਮ੍ਰਿਤ ਕੌਰ ਵੜਿੰਗ ਦਾ ਪਹਿਲਾ ਤਲਵੰਡੀ ਸਾਬੋ ਚੋਣ ਦੌਰਾ, ਕਿਹਾ ਬਲਜਿੰਦਰ ਕੌਰ ਬਾਦਲਾਂ ਦੀ ਬੀ ਟੀਮ

Published On: fastway.news, Date: Apr 23, 2019

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਬੀਬਾ ਅੰਮ੍ਰਿਤ ਕੌਰ ਵੜਿੰਗ ਦਾ ਪਹਿਲਾ ਤਲਵੰਡੀ ਸਾਬੋ ਚੋਣ ਦੌਰਾ ਲੋਕਾਂ ਦੀ ਘੱਟ ਆਮਦ ਕਾਰਨ ਫਿੱਕਾ ਰਿਹਾ। ਭਾਵੇਂ ਕਿ ਪਾਰਟੀ ਦੇ ਅਹੁਦੇਦਾਰਾਂ ਜਾਂ ਵਰਕਰਾਂ ਵੱਲੋਂ ਸਥਾਨਕ ਮੀਡੀਆ ਕਰਮੀਆਂ ਨੂੰ ਇਸ ਦੌਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਫਿਰ ਵੀ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਪਾਰਟੀ ਵਰਕਰਾਂ ਨੂੰ ਇਕੱਠ ਕਰਨ ਦੇ ਮਕਸਦ ਨਾਲ ਦਿੱਤੀ ਗਈ ਜਾਣਕਾਰੀ ਦੀ ਪੈੜ ਦੱਬਦਿਆਂ ਸਥਾਨਕ ਢੀਂਡਿਆਂ ਵਾਲੇ ਚੌਂਕ ਵਿੱਚ ਪਹੁੰਚ ਕੇ ਬੀਬਾ ਅੰਮ੍ਰਿਤ ਕੌਰ ਵੜਿੰਗ ਦੇ ਪਹਿਲੇ ਚੋਣ ਦੌਰੇ ਦੀ ਕਵਰੇਜ਼ ਕੀਤੀ ਗਈ।
ਦਿੱਤੇ ਸਮੇਂ ਤੋਂ ਦੋ ਘੰਟੇ ਦੇਰੀ ਨਾਲ ਪਹੁੰਚੇ ਬੀਬਾ ਵੜਿੰਗ ਨੇ ਡੇਢ ਕੁ ਸੌ ਦੇ ਕਰੀਬ ਵਿਅਕਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਵੱਲੋਂ ਹਲਕਾ ਗਿਦੜਬਾਹਾ ਵਿੱਚ ਕਰਵਾਏ ਵਿਕਾਸ ਕਾਰਜਾਂ ਦੀ ਗਿਣਤੀ ਕਰਦਿਆਂ ਬਾਦਲ ਪਰਿਵਾਰ ਅਤੇ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੂੰਪਾਣੀ ਪੀ ਪੀ ਕੋਸਿਆ। ਬੀਬਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਦੇ ਨਾਮ ਤੇ ਲੰਮਾ ਸਮਾਂ ਰਾਜ ਕਰਨ ਦੇ ਬਾਵਜੂਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਤਾਂ ਕੀ ਦਿਵਾਉਣੀ ਸੀ ਸਗੋਂ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕੇਂਦਰ ਦੀ ਭਾਈਵਾਲ ਪਾਰਟੀ ਦੇ ਸਹਿਯੋਗ ਨਾਲ ਜਾਂਚ ਕਮੇਟੀ ਦੇ ਅਹੁਦੇਦਾਰਾਂ ਨੂੰ ਕਮੇਟੀ ਤੋਂ ਲਾਂਭੇ ਕਰਨ ਤੱਕ ਦਾ ਗੁਨਾਹ ਵੀ ਕਰ ਦਿੱਤਾ।
ਆਪ ਵਿਧਾਇਕਾ ਬਲਜਿੰਦਰ ਕੌਰ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਬਾਕੀ ਪਾਰਟੀਆਂ ਦੀ ਵੋਟ ਖਰਾਬ ਕਰਕੇ ਸਿਰਫ ਬਾਦਲ ਪਰਿਵਾਰ ਨੂੰ ਫ਼ਾਇਦਾ ਪੁਚਾਉਣ ਖ਼ਾਤਿਰ ਹੀ ਚੋਣ ਮੈਦਾਨ ਵਿੱਚ ਆਏ ਹਨ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਆਪ ਵਿਧਾਇਕਾ ਨੂੰ ਸਵਾਲ ਕੀਤਾ ਕਿ ਜੇਕਰ ਉਹ ਆਪਣੇ ਵਿਆਹ ਦਾ ਸ਼ਗਨ ਲੈਣ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਜਾ ਸਕਦੀ ਹੈ ਤਾਂ ਹਲਕੇ ਦੇ ਵਿਕਾਸ ਕਾਰਜਾਂ ਅਤੇ ਸਮਸਿਆਵਾਂ ਦੇ ਹੱਲ ਲਈ ਕਿਉਂ ਨਹੀਂ ਜਾ ਸਕਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ ਜਟਾਣਾ, ਦਿਲਪ੍ਰੀਤ ਸਿੰਘ ਜਗਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤਲਵੰਡੀ ਸਾਬੋ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਰਾਜੀਵ ਕੁਮਾਰ ਲੱਕੀ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਤਲਵੰਡੀ ਸਾਬੋ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅਜੀਜ ਖਾਨ, ਹਰਬੰਸ ਸਿੰਘ, ਜੋਗਿੰਦਰ ਸਿੰਘ ਜਗਾ ਮੈਂਬਰ ਜਿਲ੍ਹਾ ਪ੍ਰੀਸ਼ਦ, ਲੱਖਵਿੰਦਰ ਲੱਕੀ, ਸੁਖਮਿੰਦਰ ਸਿੰਘ ਭਾਗੀਵਾਂਦਰ, ਗੁਰਸੇਵਕ ਸਿੰਘ ਗਹਿਲੇਵਾਲਾ, ਅੰਮ੍ਰਿਤਪਾਲ ਕਾਕਾ ਗਰਗ, ਦਵਿੰਦਰ ਸਿੰਘ ਸੂਬਾ ਅਤੇ ਤਰਸੇਮ ਸੇਮੀ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories