"/> ਇਸ ਵਾਰ ਸਰਪੰਚੀ ਨੂੰ ਲੈ ਕੇ ਭਖਣ ਲੱਗਿਆ ਸੋਸ਼ਲ ਮੀਡੀਆ ਤੇ ਮਾਮਲਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਇਸ ਵਾਰ ਸਰਪੰਚੀ ਨੂੰ ਲੈ ਕੇ ਭਖਣ ਲੱਗਿਆ ਸੋਸ਼ਲ ਮੀਡੀਆ ਤੇ ਮਾਮਲਾ

Published On: fastway.news, Date: Jun 08, 2018

ਤਲਵੰਡੀ ਸਾਬੋ, 8 ਜੂਨ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਅਜੇ ਤੱਕ ਪੰਜਾਬ ਦੇ ਪਿੰਡਾਂ ਦੀ ਸਰਪੰਚੀ ਦੀ ਚੋਣ ਲਈ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਫਿਰ ਵੀ ਪਿੰਡਾਂ ਵਿੱਚ ਇਸ ਵਾਰ ਸਰਪੰਚੀ ਨੌਜਵਾਨ ਪੀੜ੍ਹੀ ਵੱਲੋਂ ਆਪਣੇ ਕਬਜ਼ੇ ਵਿੱਚ ਕਰਨ ਦਾ ਮਾਮਲਾ ਸੋਸ਼ਲ ਮੀਡੀਆ ਤੇ ਭਖ ਚੁੱਕਿਆ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਸਾਈਟ ਵਟਸਐਪ ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਗਰੁੱਪ ਬਣਾ ਕੇ ਸਰਪੰਚੀ ਦੀ ਚੋਣ ਨੂੰ ਲੈ ਕੇ ਵਿਚਾਰ ਵਟਾਂਦਰੇ ਸ਼ੁਰੂ ਕਰ ਦਿੱਤੇ ਹਨ ਅਤੇ ਕਿਸੇ ਸਾਫ਼ ਅਕਸ ਵਾਲੇ ਨੌਜਵਾਨ ਨੂੰ ਸਰਪੰਚੀ ਦੇਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਨੌਜਵਾਨਾਂ ਵੱਲੋਂ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਹੁਣ ਤੱਕ ਪਿੰਡਾਂ ਦੀ ਸਰਪੰਚੀ ਬਜ਼ੁਰਗ ਲੋਕ ਕਰਦੇ ਆਏ ਹਨ ਅਤੇ ਉਨ੍ਹਾਂ ਨੇ ਪਿੰਡਾਂ ਦੇ ਵਿਕਾਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਇਸ ਵਾਰ ਇੱਕ ਮੁਹਿੰਮ ਚਲਾ ਕੇ ਲਗਭਗ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਹੀ ਪਿੰਡ ਦੀ ਸਰਪੰਚੀ ਦਿੱਤੀ ਜਾਵੇ ਅਤੇ ਪਿੰਡਾਂ ਦੇ ਵਾਰਡਾਂ ਦੇ ਮੈਂਬਰ ਵੀ ਨੌਜਵਾਨ ਤਬਕੇ ਵਿੱਚੋਂ ਹੀ ਚੁਣੇ ਜਾਣ। ਨਵੇਂ ਮਿਲ ਪੱਥਰ ਗੱਡਣ ਲਈ ਸਰਬ ਸੰਮਤੀ ਨਾਲ ਚੋਣ ਕੀਤੀ ਜਾਣ ਦੀਆਂ ਵਿਚਾਰਾਂ ਵੀ ਆਮ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਖੇਤਰ ਦੇ ਪਿੰਡ ਕਲਾਲਵਾਲਾ ਵਿਖੇ ਇੱਕ ਨੌਜਵਾਨ ਜਗਸੀਰ ਸਿੰਘ ਸੀਰਾ ਨੂੰ ਪਿੰਡ ਦੇ ਵੱਡੇ ਇਕੱਠ ਨੇ ਸਰਪੰਚੀ ਦੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ ਜਿਸ ਨੂੰ ਸਰਬਸੰਮਤੀ ਨਾਲ ਸਰਪੰਚ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਵਾਰ ਸੋਸ਼ਲ ਮੀਡੀਆ ਤੇ ਵਟਸਐਪ ਸਾਈਟ ਉੱਪਰ ਨੌਜਵਾਨਾਂ ਵੱਲੋਂ ਪਿੰਡ ਦੇ ਚੁਣੇ ਜਾਣ ਵਾਲੇ ਸਰਪੰਚ ਕੋਲੋਂ ਲਿਖਤੀ ਤੌਰ ਤੇ ਪਿੰਡ ਦੇ ਵਿਕਾਸ ਦੀਆਂ ਗੱਲਾਂ ਦਾ ਵਾਅਦਾ ਲਏ ਜਾਣ ਦਾ ਮੁੱਦਾ ਵੀ ਜ਼ੋਰ ਫੜ੍ ਰਿਹਾ ਹੈ ਤਾਂ ਜੋ ਕਿਸੇ ਵੀ ਨੌਜਵਾਨ ਨੂੰ ਸਰਪੰਚ ਚੁਣੇ ਜਾਣ ਤੋਂ ਬਾਅਦ ਉਹ ਪਿੰਡ ਦਾ ਵਿਕਾਸ ਸਹੀ ਤਰੀਕੇ ਨਾਲ ਕਰਨ ਵੱਲ ਧੀਆਨ ਦੇਵੇ। ਇਹ ਵੀ ਪਤਾ ਲੱਗਿਆ ਹੈ ਕਿ ਨੌਜਵਾਨਾਂ ਵੱਲੋਂ ਸਰਪੰਚ ਦੇ ਉੱਪਰ ਆਪਣੀ ਇੱਕ ਕਮੇਟੀ ਵੀ ਗਠਿਤ ਕਰਨ ਦੀ ਵਿਚਾਰ ਕੀਤੀ ਜਾ ਰਹੀ ਹੈ ਜਿਹੜੀ ਕਿ ਪਿੰਡ ਦੇ ਵਿਕਾਸ ਦੇ ਨਾਲ ਨਾਲ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਵੀ ਕਰਵਾਏਗੀ। ਖੇਤਰ ਦੇ ਵੱਖ ਵੱਖ ਪਿੰਡਾਂ ਦੇ ਕੁਝ ਨੌਜਵਾਨਾਂ ਨੇ ਇਸ ਸਬੰਧੀ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਨੌਜਵਾਨਾਂ ਨੂੰ ਵੀ ਪਿੰਡ ਪੱਧਰ ਦੀ ਸਿਆਸਤ ਵਿੱਚ ਆਉਣਾ ਚਾਹੀਦਾ ਹੈ ਤਾਂ ਹੀ ਪਿੰਡਾਂ ਚੋਂ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਅਤੇ ਹੋਰ ਅਨੇਕਾਂ ਕੁਰੀਤੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਫਿਰ ਹੀ ਨੌਜਵਾਨ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਜਿੱਥੇ ਆਪਣਾ ਯੋਗਦਾਨ ਪਾ ਸਕਣਗੇ ਉੱਥੇ ਜ਼ਿੰਮੇਵਾਰੀਆਂ ਚ ਰੁੱਝੇ ਹੋਣ ਕਾਰਨ ਨਸ਼ਿਆਂ ਤੋਂ ਵੀ ਦੂਰ ਰਹਿਣਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration