"/> ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਕਰਨ ਕਾਰਨ ਮਾਹੌਲ ਤਣਾਅਪੂਰਨ, ਸਿੱਖ ਕਾਰਕੁੰਨਾਂ ਦੇ ਦਬਾਅ ਕਾਰਨ ਪੁਲਿਸ ਨੇ ਨਾਮ ਚਰਚਾ ਰੋਕੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਕਰਨ ਕਾਰਨ ਮਾਹੌਲ ਤਣਾਅਪੂਰਨ, ਸਿੱਖ ਕਾਰਕੁੰਨਾਂ ਦੇ ਦਬਾਅ ਕਾਰਨ ਪੁਲਿਸ ਨੇ ਨਾਮ ਚਰਚਾ ਰੋਕੀ

22 ਡੇਰਾ ਪ੍ਰੇਮੀਆਂ 'ਤੇ ਹੋਇਆ ਮਾਮਲਾ ਦਰਜ
Published On: fastway.news, Date: Jan 12, 2018

ਤਲਵੰਡੀ ਸਾਬੋ, 12 ਜਨਵਰੀ (ਗਰਜੰਟ ਸਿੰਘ ਨਥੇਹਾ)- ਡੇਰਾ ਸਿੱਖ ਵਿਵਾਦ ਦੌਰਾਨ ਡੇਰਾ ਸਿਰਸਾ ਵਿਰੋਧੀ ਸੰਘਰਸ਼ ਦੇ ਹੈੱਡਕੁਆਟਰ ਵਜੋਂ ਜਾਣੇ ਜਾਂਦੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਗਰ ਤਲਵੰਡੀ ਸਾਬੋ ਅੰਦਰ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਸਥਾਨਕ ਨੱਤ ਰੋਡ 'ਤੇ ਇੱਕ ਡੇਰਾ ਪ੍ਰੇਮੀ ਦੇ ਘਰ 'ਨਾਮ ਚਰਚਾ' ਕੀਤੇ ਜਾਣ ਦੀ ਕਨਸੋਅ ਮਿਲਦਿਆਂ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਉੱਥੇ ਪੁੱਜ ਗਏ ਤੇ ਉਨਾਂ ਨੇ ਉਕਤ ਨਾਮ ਚਰਚਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਿਆਣਪ ਤੋਂ ਕੰਮ ਲੈਂਦਿਆਂ ਸਿੱਖ ਨੌਜਵਾਨਾਂ ਦੇ ਦਬਾਅ ਕਾਰਨ ਪੁਲਿਸ ਨੇ ਨਾਮ ਚਰਚਾ ਰੁਕਵਾ ਕੇ ਡੇਰਾ ਪ੍ਰੇਮੀਆਂ ਨੂੰ ਉੱਥੋਂ ਥਾਣੇ ਭਿਜਵਾ ਦਿੱਤਾ। ਖਬਰ ਲਿਖੇ ਜਾਣ ਤੱਕ ਤਕਰੀਬਨ ਦੋ ਦਰਜਨ ਡੇਰਾ ਪ੍ਰੇਮੀਆਂ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੀ ਸੂਚਨਾ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਛੇ ਵਜੇ ਨੱਤ ਰੋਡ 'ਤੇ ਮੇਜਰ ਸਿੰਘ ਨਾਮੀ ਇੱਕ ਡੇਰਾ ਪ੍ਰੇਮੀ ਦੇ ਘਰ ਬੱਚੇ ਦੇ ਜਨਮਦਿਨ ਦੀ ਖੁਸ਼ੀ ਵਜੋਂ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਨਾਮ ਚਰਚਾ ਕੀਤੀ ਗਈ। ਉਕਤ ਨਾਮ ਚਰਚਾ ਦੀ ਜਾਣਕਾਰੀ ਜਿਉਂ ਹੀ ਪੁਲਿਸ ਨੂੰ ਮਿਲੀ ਤਾਂ ਸਮੇਂ ਦੀ ਨਜਾਕਤ ਦੇਖਦਿਆਂ ਪੁਲਿਸ ਪਾਰਟੀ ਥਾਣਾ ਮੁਖੀ ਮਹਿੰਦਰਜੀਤ ਸਿੰਘ ਦੀ ਅਗਵਾਈ ਹੇਠ ਉਕਤ ਨਾਮ ਚਰਚਾ ਵਾਲੇ ਘਰ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ। ਨਾਮਚਰਚਾ ਦੀ ਕਨਸੋਅ ਸਿੱਖ ਸੰਗਤਾਂ ਕੋਲ ਵੀ ਪੁੱਜ ਗਈ ਤੇ ਕਰੀਬ ਸਾਢੇ ਛੇ ਵਜੇ ਕੁਝ ਸਿੱਖ ਨੌਜਵਾਨ ਉਕਤ ਜਗਾ ਪਹੁੰਚ ਗਏ ਤੇ ਉਨਾਂ ਨੇ ਮੌਜ਼ੂਦ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਨਾਮ ਚਰਚਾ ਬੰਦ ਕਰਨ ਦੀ ਅਪੀਲ ਕੀਤੀ। ਬਾਅਦ ਵਿੱਚ ਸਿੱਖ ਨੌਜਵਾਨਾਂ ਦੀ ਵਧਦੀ ਤਾਦਾਦ ਨੂੰ ਦੇਖਦਿਆਂ ਅਤੇ ਭਾਰੀ ਵਿਰੋਧ ਦੇ ਚਲਦਿਆਂ ਪੁਲਿਸ ਨੇ ਕਰੀਬ ਅੱਠ ਵਜੇ ਨਾਮ ਚਰਚਾ ਬੰਦ ਕਰਵਾ ਕੇ ਡੇਰਾ ਪ੍ਰੇਮੀਆਂ ਨੂੰ ਸੁਰੱਖਿਅਤ ਗੱਡੀਆਂ ਵਿੱਚ ਬੈਠਾ ਕੇ ਥਾਣੇ ਪਹੁੰਚਾ ਦਿੱਤਾ। ਸਿੱਖ ਨੌਜਵਾਨ ਜਿਨਾਂ ਵਿੱਚ ਸੋਨੀ ਜੱਸਲ, ਬਾਬਾ ਜੱਸਾ ਸਿੰਘ ਜਗਾ ਰਾਮ ਤੀਰਥ, ਭਾਨਾ ਚਹਿਲ ਅਤੇ ਗੱਤਕਾ ਅਕੈਡਮੀ ਦੀ ਟੀਮ ਵੀ ਸ਼ਾਮਿਲ ਸੀ ਥਾਣੇ ਪੁੱਜ ਗਏ ਤੇ ਉਨਾਂ ਨੇ ਥਾਣੇ ਲਿਆਂਦੇ ਡੇਰਾ ਪ੍ਰੇਮੀਆਂ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਵੀ ਥਾਣੇ ਪੁੱਜ ਗਏ ਸਨ। ਸਿੱਖ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਡੇਰਾ ਸਿਰਸਾ ਦੇ ਪੰਜਾਬ ਵਿੱਚ ਫਿਰ ਪੈਰ ਲਾਉਣ ਲਈ ਅਜਿਹੀਆਂ ਕਾਰਵਾਈਆਂ ਕਰਵਾ ਰਹੀ ਹੈ ਕਿਉਂਕਿ ਇਹ ਸੰਭਵ ਹੀ ਨਹੀ ਕਿ ਡੇਰਾ ਪ੍ਰੇਮੀ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਤੋਂ ਬਿਨਾ ਇੰਨਾ ਹੌਂਸਲਾ ਕਰ ਸਕਣ ਕਿ ਸਿੱਖਾਂ ਦੇ ਚੌਥੇ ਤਖਤ ਸਾਹਿਬ ਦੀ ਧਰਤੀ ਤੇ ਨਾਮ ਚਰਚਾ ਕੀਤੀ ਜਾ ਸਕੇ। ਪਤਾ ਲੱਗਾ ਹੈ ਕਿ ਪੁਲਿਸ ਅਧਿਕਾਰੀ ਸਾਰਾ ਦਿਨ ਡੇਰਾ ਪ੍ਰੇਮੀਆਂ ਤੋਂ ਮਾਫੀ ਮੰਗਵਾ ਕੇ ਉਨਾਂ ਨੂੰ ਛੱਡ ਦੇਣ ਦੀ ਸਿੱਖ ਨੌਜਵਾਨਾਂ ਕੋਲ ਅਪੀਲ ਕਰਦੇ ਰਹੇ ਪਰ ਸਿੱਖ ਨੌਜਵਾਨਾਂ ਦੇ ਅੜ ਜਾਣ ਕਾਰਨ ਆਖਿਰ ਸ਼ਾਮ ਸਮੇਂ ਕਰੀਬ 22 ਡੇਰਾ ਪ੍ਰੇਮੀਆਂ ਤੇ 7/51 ਤਹਿਤ ਮਾਮਲਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਉਕਤ ਪ੍ਰੇਮੀਆਂ ਦੇ ਮੁਚੱਲਕੇ ਭਰੇ ਜਾ ਰਹੇ ਸਨ। ਉੱਧਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਨਗਰ ਦੇ ਸ਼ਾਂਤਮਈ ਮਾਹੌਲ ਨੂੰ ਡੇਰਾ ਪ੍ਰੇਮੀਆਂ ਵੱਲੋਂ ਖਰਾਬ ਕਰਨ ਦੀਆਂ ਕੋਸ਼ਿਸਾਂ ਦੀ ਨਿੰਦਿਆ ਕੀਤੀ ਹੈ ਉੱਥੇ ਉਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਨਗਰ ਅੰਦਰ ਅੱਗੇ ਤੋਂ ਅਜਿਹੀ ਕਿਸੇ ਘਟਨਾ ਦੇ ਦੁਬਾਰਾ ਨਾ ਵਾਪਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ। ਜਦੋਂਕਿ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਸਿੱਖਾਂ ਦੇ ਚੌਥੇ ਤਖਤ ਸਾਹਿਬ ਦੇ ਨਗਰ ਅੰਦਰ ਡੇਰਾ ਸਿਰਸਾ ਦੀ ਕਿਸੇ ਕਾਰਵਾਈ ਨੂੰ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੇਗੀ। ਉਨਾਂ ਕਿਹਾ ਕਿ ਜੇ ਅੱਗੇ ਤੋਂ ਅਜਿਹੀ ਕੋਈ ਕਾਰਵਾਈ ਡੇਰੇ ਵੱਲੋਂ ਕੀਤੀ ਗਈ ਤਾਂ ਸਿੱਖ ਸੰਗਤਾਂ ਆਪਣੇ ਤਰੀਕੇ ਨਾਲ ਉਸਨੂੰ ਰੋਕਣ ਲਈ ਮਜਬੂਰ ਹੋਣਗੀਆਂ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration