"/> ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸਰਕਾਰ ਬਣਾਉਣ ਵਾਲੀ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ: ਭੂੰਦੜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸਰਕਾਰ ਬਣਾਉਣ ਵਾਲੀ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ: ਭੂੰਦੜ

ਹੈਰੀ ਮਾਨ ਦਾ ਬਿਆਨ ਗੈਰ ਜਿੰਮੇਵਾਰਨਾ
Published On: fastway.news, Date: Jan 10, 2018

ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਆਉਣ ਦੇ ਤਿੰਨ ਮਹੀਨਿਆਂ ਅੰਦਰ ਲੋਕਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਸਰਕਾਰ ਬਣਾਈ, ਪਰ ਹੁਣ ਆਪਣੇ ਵਾਅਦੇ ਤੋਂ ਭੱਜ ਕੇ ਰਾਜ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਲਵਿੰਦਰ ਸਿੰਘ ਭੂੰਦੜ, ਜਿਹੜੇ ਕਿ ਇੱਥੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ, ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਸਾਰੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਕਰਕੇ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਈ ਪਰ ਸਰਕਾਰ ਬਣੀ ਨੂੰ ਇੱਕ ਸਾਲ ਹੋਣ ਵਾਲਾ ਹੈ ਅਤੇ ਆਪਣਾ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਸ. ਭੂੰਦੜ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕਿਸਾਨਾਂ ਨਾਲ ਕੀਤਾ ਸੀ ਕਿ ਉਹ ਸਰਕਾਰ ਬਣਨ 'ਤੇ ਬੈਂਕਾਂ ਦਾ ਸਾਰਾ ਕਰਜ਼ਾ ਮੁਆਫ ਕਰਨਗੇ ਅਤੇ ਆੜ੍ਹਤੀਆਂ ਦਾ ਕਰਜ਼ਾ ਵੀ ਆਪਣੇ ਕੋਲੋਂ ਉਤਾਰਨਗੇ ਪਰ ਹੁਣ ਕੈਪਟਨ ਸਰਕਾਰ ਸਿਰਫ ਸਹਿਕਾਰੀ ਸਭਾਵਾਂ ਦੇ ਖੇਤੀ ਕਰਜ਼ਿਆਂ 'ਤੇ ਆ ਕੇ ਖੜ੍ਹ ਗਈ ਹੈ। ਉਹ ਵੀ ਢਾਈ ਏਕੜ ਜਾਂ ਪੰਜ ਏਕੜ ਮਾਲਕੀ ਵਾਲੇ ਕਿਸਾਨੀ ਕਰਜ਼ਿਆਂ 'ਤੇ ਜਿਸ ਦੇ ਘੇਰੇ ਵਿੱਚ ਬਹੁਤ ਹੀ ਘੱਟ ਕਿਸਾਨ ਆਉਂਦੇ ਹਨ। ਬਲਵਿੰਦਰ ਸਿੰਘ ਭੂੰਦੜ ਨੇ ਸਨੌਰ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਦੀ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਵੱਢ ਦੇਣ ਦੇ ਬਿਆਨ ਦੀ ਵਾਇਰਲ ਹੋਈ ਵੀਡੀਓ ਬਾਰੇ ਕਿਹਾ ਕਿ ਇਹ ਹੈਰੀ ਮਾਨ ਦਾ ਇਹ ਬਿਆਨ ਗੈਰ ਜਿੰਮੇਵਾਰਨਾ ਹੈ ਅਤੇ ਸਮਾਜ ਤੇ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਹੈਰੀ ਮਾਨ ਦਾ ਇਹ ਬਿਆਨ ਕਾਂਗਰਸੀ ਵਰਕਰਾਂ ਨੂੰ ਗੁੰਡਾਗਰਦੀ ਅਤੇ ਲੋਕਾਂ ਨਾਲ ਧੱਕੇਸ਼ਾਹੀਆਂ ਕਰਨ ਲਈ ਉਕਸਾਉਂਦਾ ਹੈ। ਨਗਰ ਨਿਗਮ ਲੁਧਿਆਣਾ ਚੋਣ ਬਾਰੇ ਸ੍ਰੀ ਭੂੰਦੜ ਨੇ ਖਦਸ਼ਾ ਪ੍ਰਗਟਾਇਆ ਕਿ ਕਾਂਗਰਸ ਨਗਰ ਪੰਚਾਇਤ ਤੇ ਨਗਰ ਕੌਂਸਲ ਚੋਣਾਂ ਵਾਂਗ ਉਕਤ ਚੋਣ ਵਿੱਚ ਵੀ ਸੱਤਾ ਦੇ ਜ਼ੋਰ 'ਤੇ ਧੱਕੇਸ਼ਾਹੀ ਕਰੇਗੀ ਜੋ ਕਿ ਲੋਕਤੰਤਰ ਦਾ ਘਾਣ ਕਰਨ ਦੇ ਬਰਾਬਰ ਹੋਵੇਗਾ। ਉਨਾਂ ਕਿਹਾ ਕਿ ਜੇਕਰ ਨਿਰਪੱਖ ਚੋਣਾਂ ਹੁੰਦੀਆਂ ਹਨ ਤਾਂ ਕਾਂਗਰਸ ਇੱਕ ਵੀ ਸੀਟ ਨਹੀਂ ਲਿਜਾ ਸਕਦੀ ਕਿਉਂਕਿ ਜਨਤਾ ਕੈਪਟਨ ਸਰਕਾਰ ਦੇ ਗਿਆਰਾਂ ਮਹੀਨਿਆਂ ਤੋਂ ਹੀ ਬੁਰੀ ਤਰਾਂ ਅੱਕ ਚੁੱਕੇ ਹਨ। ਸ੍ਰੀ ਭੂੰਦੜ ਨਾਲ ਇਸ ਮੌਕੇ ਬਲਦੇਵ ਸਿੰਘ ਪੈਰੋਂ ਚੇਅਰਮੈਨ ਮਾਰਕਫੈਡ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਤੇ ਸੁਰਜੀਤ ਸਿੰਘ ਰਾਏਪੁਰ, ਤੇਜਿੰਦਰ ਸਿੰਘ, ਕਰਮਜੀਤ ਸਿੰਘ ਢਿੱਲੋਂ ਆਦਿ ਪਾਰਟੀ ਆਗੂ ਸ਼ਾਮਲ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration